ਚੰਡੀਗੜ੍ਹ, 12 ਸਤੰਬਰ – ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਆਮ ਲੋਕਾਂ ਲਈ ਬਿਹਤਰ ਆਵਾਜਾਈ ਯਕੀਨੀ ਬਣਾਉਣ ਲਈ ਇੱਕ ਲੱਖ ਤੋਂ ਵੱਧ ਆਬਾਦੀ ਵਾਲੇ ਸ਼ਹਿਰਾਂ ਅਤੇ ਕਸਬਿਆਂ ਤੋਂ ਬਾਹਰ ਰਿੰਗ ਰੋਡ ਅਤੇ ਨੈਸ਼ਨਲ ਹਾਈਵੇ ਬਣਾਉਣ ਦੇ ਕਾਰਜ ਨੂੰ ਮਨਜ਼ੂਰੀ ਪ੍ਰਦਾਨ ਕੀਤੀ ਗਈ ਹੈ।
ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਸਕੱਤਰੇਤ ਵਿੱਚ ਰਾਸ਼ਟਰੀ ਰਾਜਮਾਰਗ ਤੋਂ ਸ਼ਹਿਰੀ ਖੇਤਰ ਵਿੱਚ ਭੀੜ-ਭੜੱਕਾ ਘਟਾਉਣ ਲਈ ਮਾਸਟਰ ਪਲਾਨ ਦੇ ਤਹਿਤ ਐਡੌਪਸ਼ਨ ਆਫ ਫਾਈਨੈਂਸ਼ੀਅਲ ਮਾਡਲ ਫਾਰ ਸਟੇਟ ਕੰਟਰੀਬਿਊਸ਼ਨ ਨੂੰ ਲੈ ਕੇ ਆਯੋਜਿਤ ਮੀਟਿੰਗ ਦੀ ਪ੍ਰਧਾਨਗੀ ਕਰ ਰਹੇ ਸਨ। ਮੀਟਿੰਗ ਵਿੱਚ ਲੋਕ ਨਿਰਮਾਣ ਵਿਭਾਗ ਦੇ ਮੰਤਰੀ ਸ੍ਰੀ ਰਣਬੀਰ ਗੰਗਵਾ, ਮੁੱਖ ਸਕੱਤਰ ਸ੍ਰੀ ਅਨੁਰਾਗ ਰਸਤੋਗੀ ਸਮੇਤ ਕਈ ਸੀਨੀਅਰ ਅਧਿਕਾਰੀ ਮੌਜੂਦ ਸਨ।
ਮੁੱਖ ਮੰਤਰੀ ਨੇ ਕਿਹਾ ਕਿ ਮਾਸਟਰ ਪਲਾਨ ਦੇ ਤਹਿਤ ਬਾਹਰੀ ਰਿੰਗ ਰੋਡ ਅਤੇ ਨੈਸ਼ਨਲ ਹਾਈਵੇ ਬਣਾਉਣ ਲਈ ਕੇਂਦਰ ਸਰਕਾਰ ਅਨੁਸਾਰ ਪਾਲਸੀ ਤਿਆਰ ਕੀਤੀ ਜਾਵੇ, ਤਾਂ ਜੋ ਸ਼ਹਿਰਾਂ ਅਤੇ ਕਸਬਿਆਂ ਵਿੱਚ ਟ੍ਰੈਫਿਕ ਦਾ ਦਬਾਅ ਘਟਾਉਣ ਲਈ ਬਣਾਈਆਂ ਜਾਣ ਵਾਲੀਆਂ ਸੜਕਾਂ ਨੂੰ ਅਮਲੀ ਜਾਮਾ ਪਹਿਨਾਇਆ ਜਾ ਸਕੇ।
ਮੀਟਿੰਗ ਦੌਰਾਨ ਕੇਂਦਰ ਸਰਕਾਰ ਦੇ ਲਾਗਤ ਸ਼ੇਅਰ ਲਈ ਵਿੱਤ ਵਿਭਾਗ, ਲੋਕ ਨਿਰਮਾਣ ਵਿਭਾਗ ਅਤੇ ਸ਼ਹਿਰੀ ਸਥਾਨਕ ਸਰਕਾਰ ਵਿਭਾਗ ਦੇ ਅਧਿਕਾਰੀਆਂ ਦੀ ਤਿੰਨ ਮੈਂਬਰੀ ਕਮੇਟੀ ਦਾ ਗਠਨ ਕੀਤਾ ਗਿਆ ਹੈ।
ਮੁੱਖ ਮੰਤਰੀ ਨੇ ਮੀਟਿੰਗ ਵਿੱਚ ਹਿਸਾਰ ਬਾਈਪਾਸ, ਕੁਰੂਕਸ਼ੇਤਰ ਬਾਈਪਾਸ, ਨਾਰਨੌਲ ਸਿਟੀ ਬਾਈਪਾਸ, ਜੀਂਦ ਬਾਈਪਾਸ ਅਤੇ ਸੋਹਨਾ ਪਲਵਲ ਬਾਈਪਾਸ ਨਿਰਮਾਣ ਕਾਰਜ ਨੂੰ ਮਨਜ਼ੂਰੀ ਪ੍ਰਦਾਨ ਕੀਤੀ। ਹਿਸਾਰ ਬਾਈਪਾਸ, ਹਿਸਾਰ-ਰਾਜਗੜ੍ਹ ਰੋਡ ਐਨ.ਐਚ. 52 ਤੋਂ ਹਿਸਾਰ ਦਿੱਲੀ ਰੋਡ ਅਤੇ ਹਿਸਾਰ ਕੈਥਲ ਰੋਡ ਨੂੰ ਜੋੜਨ ਦਾ ਕਾਰਜ ਕਰੇਗਾ। ਇਸੇ ਤਰ੍ਹਾਂ ਕੁਰੂਕਸ਼ੇਤਰ ਲਾਡਵਾ ਬਾਈਪਾਸ ਦੀ ਵੀ ਡੀ.ਪੀ.ਆਰ. ਤਿਆਰ ਕਰ ਲਈ ਗਈ ਹੈ। ਜਲਦੀ ਹੀ ਇਸ ਪ੍ਰੋਜੈਕਟ ਉੱਤੇ ਵੀ ਕਾਰਜ ਸ਼ਰੂ ਕੀਤਾ ਜਾਵੇਗਾ।
ਮੁੱਖ ਮੰਤਰੀ ਨੇ ਕਿਹਾ ਕਿ ਨਾਰਨੌਲ ਸਿਟੀ ਬਾਈਪਾਸ ਦਾ ਵੀ ਨਿਰਮਾਣ ਕੀਤਾ ਜਾਵੇਗਾ। ਲਗਭਗ 11 ਕਿਲੋਮੀਟਰ ਲੰਬੇ ਇਸ ਬਾਈਪਾਸ ਨੂੰ ਸਟੇਟ ਹਾਈਵੇ ਐਨ.ਐਚ. 148ਬੀ ਨਾਲ ਜੋੜਿਆ ਜਾਵੇਗਾ। ਇਸ ਤੋਂ ਇਲਾਵਾ ਜੀਂਦ ਦੇ ਦੂਜੇ ਪਾਸੇ ਬਾਹਰੀ ਰਿੰਗ ਰੋਡ ਅਤੇ ਬਾਈਪਾਸ ਐਨ.ਐਚ. 352 ਚਾਰ ਮਾਰਗੀ ਸੜਕ ਦਾ ਨਿਰਮਾਣ ਕੀਤਾ ਜਾਵੇਗਾ। ਐਨ.ਐਚ. 919 ਤੋਂ ਪਲਵਲ ਸੋਹਨਾ ਬਾਈਪਾਸ ਨੂੰ ਵੀ ਮੁੜ ਨਿਰਮਾਣ ਅਤੇ ਰੀ-ਡਿਜ਼ਾਈਨ ਕਰਕੇ ਨਿਰਮਾਣ ਕੀਤਾ ਜਾਵੇਗਾ। ਇਹ ਚਾਰ ਮਾਰਗੀ ਸੜਕ ਮਾਰਗ ਲਗਭਗ 24 ਕਿਲੋਮੀਟਰ ਲੰਬਾਈ ਦਾ ਹੋਵੇਗਾ। ਇਨ੍ਹਾਂ ਪ੍ਰੋਜੈਕਟਾਂ ਉੱਤੇ ਲਗਭਗ 9700 ਕਰੋੜ ਰੁਪਏ ਦੀ ਲਾਗਤ ਆਵੇਗੀ।
ਮੁੱਖ ਮੰਤਰੀ ਨੇ ਕਿਹਾ ਕਿ ਡੀ.ਐਨ.ਡੀ.-ਫਰੀਦਾਬਾਦ-ਬੱਲਭਗੜ੍ਹ ਬਾਈਪਾਸ ਕੇ.ਐਮ.ਪੀ. ਲਿੰਕ ਤੋਂ ਦਿੱਲੀ ਮੁੰਬਈ ਐਕਸਪ੍ਰੈੱਸ ਵੇਅ ਗ੍ਰੀਨਫੀਲਡ ਕਨੈਕਟੀਵਿਟੀ ਜੇਵਰ ਇੰਟਰਨੈਸ਼ਨਲ ਏਅਰਪੋਰਟ ਨਾਲ ਜੋੜਨ ਲਈ ਵੀ ਤਿਆਰ ਕੀਤਾ ਜਾਵੇਗਾ। ਇਸ ਤੋਂ ਇਲਾਵਾ ਕਰਨਾਲ ਰਿੰਗ ਰੋਡ ਲਈ ਵੀ ਜ਼ਮੀਨ ਸ਼ੇਅਰ ਜਮ੍ਹਾਂ ਕਰਵਾ ਦਿੱਤਾ ਗਿਆ ਹੈ। ਅੰਬਾਲਾ ਸ਼ਹਿਰ ਅਤੇ ਅੰਬਾਲਾ ਕੈਂਟ ਨੂੰ ਜੋੜਨ ਲਈ ਰਿੰਗ ਰੋਡ ਦਾ ਕਾਰਜ ਵੀ ਨਿਰਮਾਣਾਧੀਨ ਹੈ। ਇਸ ਨੂੰ ਜਲਦੀ ਹੀ ਪੂਰਾ ਕਰ ਲਿਆ ਜਾਵੇਗਾ।
ਇਸ ਤੋਂ ਇਲਾਵਾ ਮੀਟਿੰਗ ਵਿੱਚ ਰੇਵਾੜੀ ਭਟਿੰਡਾ ਰੇਲਵੇ ਲਾਈਨ ਉੱਤੇ ਸਿਰਸਾ ਵਿੱਚ ਸਿਵਲ ਸਟੇਸ਼ਨ ਰੋਡ ਉੱਤੇ ਰੇਲਵੇ ਅੰਡਰ ਬ੍ਰਿਜ ਨਿਰਮਾਣ ਅਤੇ ਕਨੀਨਾ ਮਹਿੰਦਰਗੜ੍ਹ ਰੋਡ ਤੋਂ ਅਨਾਵਾਸ, ਢਾਣੀ ਰਾਜਾਵਾਸ ਸਕੂਲ ਤੋਂ ਬਲਾਣਾ, ਖਾਤੋਦ ਤੋਂ ਬੁਡੀਨ, ਨਿੰਭੇੜਾ ਅਤੇ ਬਲੈਚਾ ਲਈ ਲਿੰਕ ਰੋਡ, ਮਹਿੰਦਰਗੜ੍ਹ ਬੁਚੌਲੀ ਰੋਡ, ਨਾਂਗਵਾਸ ਤੋਂ ਅਟੇਲੀ ਸੜਕ ਦੇ ਵਾਧੂ ਕਾਰਜ ਨੂੰ ਵੀ ਮਨਜ਼ੂਰੀ ਪ੍ਰਦਾਨ ਕੀਤੀ।
ਮੀਟਿੰਗ ਵਿੱਚ ਮੁੱਖ ਮੰਤਰੀ ਦੇ ਪ੍ਰਧਾਨ ਸਕੱਤਰ ਸ੍ਰੀ ਅਰੁਣ ਗੁਪਤਾ, ਵਧੀਕ ਮੁੱਖ ਸਕੱਤਰ ਸ੍ਰੀ ਏ.ਕੇ. ਸਿੰਘ, ਸ੍ਰੀ ਅਨੁਰਾਗ ਅਗਰਵਾਲ, ਕਮਿਸ਼ਨਰ ਅਤੇ ਸਕੱਤਰ ਸ਼੍ਰੀਮਤੀ ਅਸ਼ਿਮਾ ਬਰਾਰ, ਸ੍ਰੀ ਜੇ. ਗਣੇਸ਼ਨ ਸਮੇਤ ਲੋਕ ਨਿਰਮਾਣ ਵਿਭਾਗ ਦੇ ਸੀਨੀਅਰ ਅਧਿਕਾਰੀ ਵੀ ਮੌਜੂਦ ਸਨ।








