ਪਟਿਆਲਾ: ਯੰਗ ਬੀਟਸ ਕਲੱਬ (ਰਜਿ.) ਵੱਲੋਂ ਡੀ.ਸੀ.ਡਬਲਿਊ. ਆਡੀਟੋਰੀਅਮ, ਪਟਿਆਲਾ ਵਿਖੇ ਕਰਵਾਏ ਗਏ ‘ਸਿੱਖ ਅਚੀਵਰ ਅਵਾਰਡ’ ਸਮਾਗਮ ਦੌਰਾਨ ਪਟਿਆਲਾ ਦੇਹਾਤੀ ਤੋਂ ਭਾਜਪਾ ਆਗੂ ਗੁਰਜੀਤ ਸਿੰਘ ਕੋਹਲੀ ਨੂੰ ਸਮਾਜਿਕ ਅਤੇ ਜਨਤਕ ਖੇਤਰ ਵਿੱਚ ਉਨ੍ਹਾਂ ਦੀਆਂ ਗਤੀਵਿਧੀਆਂ ਲਈ ‘ਸਿੱਖ ਅਚੀਵਰ ਅਵਾਰਡ’ ਨਾਲ ਸਨਮਾਨਿਤ ਕੀਤਾ ਗਿਆ।
ਕੋਹਲੀ ਨੇ ਇਹ ਸਨਮਾਨ ਬਾਬਾ ਮਨਮੋਹਨ ਸਿੰਘ ਜੀ ਬਾਰਨ ਵਾਲੇ ਅਤੇ ਪਦਮ ਸ੍ਰੀ ਸ. ਜਗਜੀਤ ਸਿੰਘ ਦਰਦੀ ਜੀ ਦੇ ਹੱਥੋਂ ਪ੍ਰਾਪਤ ਕੀਤਾ। ਸਨਮਾਨ ਪ੍ਰਾਪਤ ਕਰਨ ਉਪਰੰਤ ਕੋਹਲੀ ਨੇ ਪ੍ਰਬੰਧਕਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਅਜਿਹੇ ਸਨਮਾਨ ਵਿਅਕਤੀ ਨੂੰ ਸਮਾਜ ਪ੍ਰਤੀ ਆਪਣੀ ਜ਼ਿੰਮੇਵਾਰੀ ਹੋਰ ਤਨਦੇਹੀ ਨਾਲ ਨਿਭਾਉਣ ਲਈ ਪ੍ਰੇਰਿਤ ਕਰਦੇ ਹਨ।
ਗੁਰਜੀਤ ਸਿੰਘ ਕੋਹਲੀ ਨੇ ਕਿਹਾ, “ਇਹ ਸਨਮਾਨ ਮੇਰੇ ਲਈ ਮਾਣ ਦੇ ਨਾਲ-ਨਾਲ ਇੱਕ ਵੱਡੀ ਜ਼ਿੰਮੇਵਾਰੀ ਵੀ ਹੈ। ਮੇਰੀ ਕੋਸ਼ਿਸ਼ ਰਹੇਗੀ ਕਿ ਪੰਜਾਬ, ਪੰਜਾਬੀਅਤ ਅਤੇ ਸਮਾਜ ਦੀ ਬਿਹਤਰੀ ਲਈ ਆਪਣੀ ਸਮਰੱਥਾ ਅਨੁਸਾਰ ਸੇਵਾ ਕਰਦਾ ਰਹਾਂ।”
ਉਨ੍ਹਾਂ ਨੇ ਸਮਾਗਮ ਦੌਰਾਨ ‘ਸਿੱਖ ਅਚੀਵਰ ਅਵਾਰਡ’ ਨਾਲ ਸਨਮਾਨਿਤ ਕੀਤੀਆਂ ਗਈਆਂ ਸਮੂਹ ਸ਼ਖ਼ਸੀਅਤਾਂ ਨੂੰ ਵਧਾਈ ਦਿੰਦਿਆਂ ਆਸ ਪ੍ਰਗਟਾਈ ਕਿ ਸਾਰੇ ਆਪੋ-ਆਪਣੇ ਖੇਤਰਾਂ ਵਿੱਚ ਪੰਜਾਬ ਅਤੇ ਪੰਜਾਬੀਅਤ ਦੀ ਬਿਹਤਰੀ ਲਈ ਯੋਗਦਾਨ ਪਾਉਂਦੇ ਰਹਿਣਗੇ।
ਗੁਰਜੀਤ ਸਿੰਘ ਕੋਹਲੀ ਨੇ ਯੰਗ ਬੀਟਸ ਕਲੱਬ ਦੇ ਸਮੂਹ ਅਹੁਦੇਦਾਰਾਂ ਅਤੇ ਪ੍ਰਬੰਧਕਾਂ ਦਾ ਵੀ ਧੰਨਵਾਦ ਕੀਤਾ ਅਤੇ ਕਿਹਾ ਕਿ ਵੱਖ-ਵੱਖ ਖੇਤਰਾਂ ਵਿੱਚ ਕੰਮ ਕਰ ਰਹੀਆਂ ਸ਼ਖ਼ਸੀਅਤਾਂ ਨੂੰ ਇੱਕ ਮੰਚ ’ਤੇ ਸਨਮਾਨਿਤ ਕਰਨਾ ਇੱਕ ਸ਼ਲਾਘਾਯੋਗ ਉਪਰਾਲਾ ਹੈ।







