ਸੰਗਰੂਰ, 12 ਸਤੰਬਰ:
ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਵੱਲੋਂ ਸਤੰਬਰ ਮਹੀਨੇ ਦੇ ਕਿਸਾਨ ਮੇਲਿਆਂ ਦੀ ਲੜੀ ਵਿੱਚ “ਵਿਗਿਆਨਕ ਢੰਗ ਅਪਣਾਓ, ਖੇਤੀ ਆਮਦਨ ਵਧਾਓ” ਦੇ ਉਦੇਸ਼ ਨੂੰ ਮੁੱਖ ਰੱਖ ਕੇ ਕ੍ਰਿਸ਼ੀ ਵਿਗਿਆਨ ਕੇਂਦਰ, ਰੌਣੀ, ਜ਼ਿਲ੍ਹਾ ਪਟਿਆਲਾ ਵਿਖੇ 15 ਸਤੰਬਰ, 2026 ਨੂੰ ਇੱਕ-ਰੋਜ਼ਾ ਕਿਸਾਨ ਮੇਲਾ ਲਗਾਇਆ ਜਾ ਰਿਹਾ ਹੈ।
ਇਸ ਬਾਰੇ ਹੋਰ ਜਾਣਕਾਰੀ ਦਿੰਦਿਆਂ ਡਾ. ਮਨਦੀਪ ਸਿੰਘ, ਇੰਚਾਰਜ (ਟ੍ਰੇਨਿੰਗ), ਕ੍ਰਿਸ਼ੀ ਵਿਗਿਆਨ ਕੇਂਦਰ, ਸੰਗਰੂਰ ਨੇ ਦੱਸਿਆ ਕਿ ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਦੇ ਵਾਈਸ ਚਾਂਸਲਰ ਇਸ ਮੇਲੇ ਦੀ ਪ੍ਰਧਾਨਗੀ ਕਰਨਗੇ।
ਉਹਨਾਂ ਅੱਗੇ ਦੱਸਿਆ ਕਿ ਨਿਰਦੇਸ਼ਕ ਪਸਾਰ ਸਿੱਖਿਆ, ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਦੇ ਦਿਸ਼ਾ-ਨਿਰਦੇਸ਼ਾਂ ਹੇਠ ਲਗਾਏ ਜਾ ਰਹੇ ਇਸ ਕਿਸਾਨ ਮੇਲੇ ਦੌਰਾਨ ਖੇਤੀ ਮਾਹਿਰਾਂ ਵੱਲੋਂ ਹਾੜ੍ਹੀ ਦੀਆਂ ਫ਼ਸਲਾਂ ਦੀਆਂ ਸੁਧਰੀਆਂ ਕਿਸਮਾਂ ਅਤੇ ਸੁਧਰੀਆਂ ਕਾਸ਼ਤਕਾਰੀ ਤਕਨੀਕਾਂ, ਖੇਤੀ ਮਸ਼ੀਨਰੀ, ਸਰਦੀ ਰੁੱਤ ਦੀਆਂ ਸਬਜ਼ੀਆਂ ਦੀ ਕਾਸ਼ਤ, ਬਾਗਬਾਨੀ, ਮਿੱਟੀ-ਪਾਣੀ ਪਰਖ, ਤੇਲਬੀਜ ਅਤੇ ਦਾਲਾਂ, ਕੁਦਰਤੀ ਸਰੋਤਾਂ ਦੀ ਸਾਂਭ-ਸੰਭਾਲ ਅਤੇ ਸਹਾਇਕ ਧੰਦਿਆਂ ਬਾਰੇ ਜਾਣਕਾਰੀ ਦਿੱਤੀ ਜਾਵੇਗੀ। ਇਸ ਤੋਂ ਇਲਾਵਾ ਕਿਸਾਨ ਬੀਬੀਆਂ ਨੂੰ ਘਰੇਲੂ ਪ੍ਰਬੰਧ ਬਾਰੇ ਜਾਣਕਾਰੀ ਦਿੱਤੀ ਜਾਵੇਗੀ। ਯੂਨੀਵਰਸਿਟੀ ਦੇ ਖੇਤੀ ਵਿਗਿਆਨੀਆਂ ਵੱਲੋਂ ਕਿਸਾਨਾਂ ਦੀਆਂ ਖੇਤੀ ਸਮੱਸਿਆਂਵਾਂ ਬਾਰੇ ਵਿਚਾਰ-ਵਟਾਂਦਰਾ ਕੀਤਾ ਜਾਵੇਗਾ।
ਇਸ ਮੇਲੇ ਵਿੱਚ ਪੀ.ਏ.ਯੂ., ਲੁਧਿਆਣਾ, ਸਰਕਾਰੀ ਵਿਭਾਗਾਂ, ਖੇਤੀਬਾੜੀ ਇੰਡਸਟਰੀ, ਕਿਸਾਨ ਉਤਪਾਦਕ ਸੰਗਠਨ, ਸੈਲਫ਼ ਹੈਲਪ ਗਰੁੱਪਾਂ ਅਤੇ ਉੱਦਮੀ ਕਿਸਾਨਾਂ ਵੱਲੋਂ ਖੇਤੀ ਨੁਮਾਇਸ਼ਾਂ ਲਗਾਈਆਂ ਜਾਣਗੀਆਂ। ਹਾੜ੍ਹੀ ਦੀਆਂ ਫ਼ਸਲਾਂ ਦੇ ਬੀਜਾਂ, ਸਰਦੀ ਰੁੱਤ ਦੀਆਂ ਸਬਜ਼ੀਆਂ ਦੇ ਬੀਜਾਂ ਦੀਆਂ ਕਿੱਟਾਂ, ਦਾਲਾਂ ਅਤੇ ਤੇਲਬੀਜ ਕਿੱਟਾਂ, ਹਾੜ੍ਹੀ ਦੇ ਚਾਰਿਆਂ ਦੇ ਬੀਜਾਂ ਦੀਆਂ ਕਿੱਟਾਂ, ਫ਼ਲਦਾਰ ਬੂਟੇ ਅਤੇ ਪੀ.ਏ.ਯੂ. ਵੱਲੋਂ ਪ੍ਰਕਾਸ਼ਿਤ ਕੀਤੇ ਜਾਂਦੇ ਖੇਤੀ ਸਾਹਿਤ ਦੀ ਵਿਕਰੀ ਦਾ ਵਿਸ਼ੇਸ਼ ਪ੍ਰਬੰਧ ਹੋਵੇਗਾ। ਕਿਸਾਨਾਂ ਵੱਲੋਂ ਲਿਆਂਦੇ ਮਿੱਟੀ ਅਤੇ ਪਾਣੀ ਦੇ ਨਮੂਨੇ ਜਾਂਚ ਕਰਨ ਲਈ ਜਮ੍ਹਾਂ ਕੀਤੇ ਜਾਣਗੇ।
ਡਾ. ਮਨਦੀਪ ਸਿੰਘ ਵੱਲੋਂ ਸਮੂਹ ਕਿਸਾਨ ਵੀਰਾਂ ਨੂੰ ਆਪਣੇ ਪਰਿਵਾਰ ਅਤੇ ਸਾਥੀਆਂ ਸਮੇਤ ਕੇ.ਵੀ.ਕੇ., ਰੌਣੀ ਦੇ ਕਿਸਾਨ ਮੇਲੇ ਵਿੱਚ ਹੁੰਮ-ਹੁੰਮਾ ਕੇ ਪੁੱਜਣ ਦੀ ਅਪੀਲ ਕੀਤੀ ਜਾਂਦੀ ਹੈ।








